ਅਬੁਲ ਫ਼ਜ਼ਲ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਬੁਲ ਫ਼ਜ਼ਲ (1551-1602) : ਮੁਗਲ ਬਾਦਸ਼ਾਹ ਅਕਬਰ ਦਾ ਪ੍ਰਮੁਖ ਸਕੱਤਰ ਅਤੇ ਮੰਤਰੀ ਸੀ। ਅਬੁਲ ਫ਼ਜ਼ਲ ਪ੍ਰਬੁੱਧ ਵਿਦਵਾਨ ਸੀ ਅਤੇ ਆਇਨ-ਇ-ਅਕਬਰੀ ਅਤੇ ਅਕਬਰਨਾਮਾ ਇਸ ਦੀਆਂ ਦੋ ਵਧੇਰੇ ਪ੍ਰਸਿੱਧ ਰਚਨਾਵਾਂ ਹਨ। ਆਇਨ-ਇ-ਅਕਬਰੀ ਵਿਚ ਅਕਬਰ ਦੇ ਰਾਜ ਪ੍ਰਬੰਧ ਸੰਬੰਧੀ ਵੇਰਵੇ ਦੀ ਜਾਣਕਾਰੀ ਅੰਕਿਤ ਹੈ ਜਦ ਕਿ ਅਕਬਰਨਾਮਾ ਉਸ ਦੇ ਰਾਜ ਦੀਆਂ ਘਟਨਾਵਾਂ ਦਾ ਰੋਜ਼ਨਾਮਚਾ ਹੈ। ਆਪਣੇ ਪਿਤਾ ਸ਼ੇਖ ਮੁਬਾਰਕ ਅਤੇ ਭਰਾ ਫ਼ੈਜੀ ਵਾਂਗ ਅਬੁਲ ਫ਼ਜ਼ਲ ਉੱਤੇ ਸੂਫੀਆਨਾ ਰੰਗਤ ਚੜ੍ਹੀ ਹੋਈ ਸੀ ਅਤੇ ਤਿੰਨਾਂ ਦਾ ਅਕਬਰ ਦੀ ਧਾਰਮਿਕ ਨੀਤੀ ਉੱਤੇ ਡੂੰਘਾ ਪ੍ਰਭਾਵ ਸੀ। ਅਬੁਲ ਫ਼ਜ਼ਲ ਦਾ ਜਨਮ ਅਕਬਰਾਬਾਦ ਵਿਖੇ 14 ਜਨਵਰੀ 1551 ਨੂੰ ਹੋਇਆ ਅਤੇ ਇਸ ਨੇ 1574 ਈਸਵੀ ਵਿਚ ਸ਼ਾਹੀ ਦਰਬਾਰ ਦੀ ਨੌਕਰੀ ਸ਼ੁਰੂ ਕੀਤੀ ਸੀ। ਆਪਣੀ ਅਸਧਾਰਨ ਸੂਝ ਬੂਝ ਅਤੇ ਵਿਦਵਤਾ ਸਦਕਾ ਛੇਤੀ ਹੀ ਉਹ ਅਕਬਰ ਦਾ ਵਿਸ਼ਵਾਸ-ਪਾਤਰ (ਸਲਾਹਕਾਰ) ਬਣ ਗਿਆ। ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਲਈ 24 ਨਵੰਬਰ 1598 ਨੂੰ ਬਾਦਸ਼ਾਹ ਅਕਬਰ ਦੀ ਗੋਇੰਦਵਾਲ ਸਾਹਿਬ ਫੇਰੀ ਸਮੇਂ ਅਬੁਲ ਫ਼ਜ਼ਲ ਬਾਦਸ਼ਾਹ ਦੇ ਨਾਲ ਸੀ। ਇਹ ਮਿਲਣੀ ਅਕਬਰਨਾਮਾ ਵਿਚ ਦਰਜ ਹੈ। ਸ਼ਹਿਜ਼ਾਦਾ ਸਲੀਮ (ਮਗਰੋਂ ਬਾਦਸ਼ਾਹ ਜਹਾਂਗੀਰ) ਅਬੁਲ ਫ਼ਜ਼ਲ ਦੀ ਅਕਬਰ ਨਾਲ ਨੇੜਤਾ ਨਾਪਸੰਦ ਕਰਦਾ ਸੀ। ਉਸ ਦੇ ਆਦੇਸ਼ ਨਾਲ ਬੀਰ ਸਿੰਘ ਬੁੰਦੇਲੇ ਨੇ 12 ਅਗਸਤ 1602 ਨੂੰ ਅਬੁਲ ਫ਼ਜ਼ਲ ਨੂੰ ਕਤਲ ਕਰ ਦਿੱਤਾ।


ਲੇਖਕ : ਬ.ਸ.ਦ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2464, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.